ਲੰਡਨ, (ਸੱਚੀ ਕਲਮ ਬਿਊਰੋ) : ਪਹਿਲੀ ਵਿਸ਼ਵ ਜੰਗ ਦੇ ਪਾਇਲਟ ਸਿੱਖ ਹਰਦਿੱਤ ਸਿੰਘ ਮਲਿਕ ਦਾ ਬੁੱਤ ਹੁਣ ਇੰਗਲੈਂਡ ਵਿੱਚ ਲੱਗੇਗਾ। ਜਾਣਕਾਰੀ ਮੁਤਾਬਕ ਇਹ ਬੁੱਤ ਸਾਉਥੈਂਪਟਨ ਦੇ ਸਮੁੰਦਰੀ ਸ਼ਹਿਰ ਦੇ ਅਜਾਇਬ ਘਰ ਵਿੱਚ ਸਥਾਪਤ ਕੀਤਾ ਜਾਵੇਗਾ। ਵੈਸਟ ਮਿਡਲੈਂਡ ਦੇ ਮਸ਼ਹੂਰ ਬੁੱਤ ਤਰਾਸ਼ ਲਿਊਕ ਪੈਰੀ ਵਲੋਂ ਇਸ ਨੂੰ ਤਿਆਰ ਕੀਤਾ ਜਾਵੇਗਾ। ਇਸ ਯਾਦਗਰ ਲਈ ਵੰਨ ਕਮਿਊਨਿਟੀ ਹੈਂਮਪਸ਼ਾਇਰ ਐਂਡ ਡੌਰੈਸਟ ਅਤੇ ਸਾਊਥਹੈਂਪਟਨ ਕੌਂਸਲ ਆਫ ਗੁਰਦੁਆਰਾ ਵਲੋਂ ਬੁੱਤ ਦੇ ਨਮੂਨੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਵਿਸ਼ਵ ਯੁੱਧ 'ਚ ਹਿੱਸਾ ਲੈਣ ਵਾਲੇ 13 ਲੱਖ ਸਿੱਖਾਂ 'ਚੋਂ ਕੈਪਟਨ ਮਲਿਕ ਇਕ ਸਨ ਅਤੇ 90 ਸਾਲ ਦੀ ਉਮਰ 'ਚ 1985 'ਚ ਉਨ੍ਹਾਂ ਦਾ ਇੰਤਕਾਲ ਹੋ ਗਿਆ ਸੀ। ਹਰਦਿੱਤ ਸਿੰਘ ਰੁਆਇਲ ਫਲਾਇੰਗ ਕੋਰ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਭਾਰਤੀ ਸਨ। ਉਹ ਪਹਿਲੀ ਵਿਸ਼ਵ ਜੰਗ ਵਿੱਚ ਜ਼ਿੰਦਾ ਬਚਣ ਵਾਲੇ ਪਾਇਲਟ ਸਨ। ਫਲਾਇੰਗ ਸਿੱਖ ਦੇ ਲਈ ਪੱਗੜੀ ਤੇ ਫਿੱਟ ਹੋਣ ਲਈ ਸਪੈਸ਼ਲ ਹੈਲਮੇਟ ਬਣਾਇਆ ਗਿਆ ਸੀ। ਹਰਦਿੱਤ ਸਿੰਘ ਆਰ.ਐਫ.ਸੀ. ਅਤੇ ਆਰ.ਏ.ਐਫ.ਨਾਲ ਉਡਾਣਾਂ ਭਰਨ ਵਾਲੇ 4 ਭਾਰਤੀ ਪਾਇਲਟਾਂ 'ਚੋਂ ਬਚ ਜਾਣ ਵਾਲੇ ਦੋ ਪਾਇਲਟਾਂ 'ਚੋਂ ਇੱਕ ਸਨ। ਉਨ੍ਹਾਂ ਦਾ ਬੁੱਤ ਸਥਾਪਤ ਕਰਨ ਲਈ ਕਮਿਊਨਿਟੀ ਹੈਂਮਪਸ਼ਾਇਰ ਐਂਡ ਡੋਰਸੇਟ ਅਤੇ ਸਾਊਥਹੈਂਪਟਨ ਕੌਂਸਲ ਆਫ ਗੁਰਦੁਆਰਾ ਨੇ ਇੱਕ ਮੁਹਿੰਮ ਚਲਾਈ ਸੀ।